spot_img
Homeਮਾਝਾਗੁਰਦਾਸਪੁਰਬਾਗਬਾਨੀ ਵਿਭਾਗ ਨੇ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਸਬਜ਼ੀਆਂ ਦੀ ਕਿੱਟ...

ਬਾਗਬਾਨੀ ਵਿਭਾਗ ਨੇ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਸਬਜ਼ੀਆਂ ਦੀ ਕਿੱਟ ਕੀਤੀ ਤਿਆਰ

ਬਟਾਲਾ, 23 ਫਰਵਰੀ (ਮੁਨੀਰਾ ਸਲਾਮ ਤਾਰੀ) – ਬਾਗਬਾਨੀ ਵਿਭਾਗ ਪੰਜਾਬ ਵੱਲੋਂ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਗਰਮ ਰੁੱਤ ਸਬਜ਼ੀਆ ਦੀ ਬੀਜ ਕਿੱਟ ਤਿਆਰ ਕੀਤੀ ਗਈ ਹੈ, ਜੋ ਕਿ 8 ਜੀਆਂ ਦੇ ਪਰਿਵਾਰ ਨੂੰ 6 ਮਹੀਨੇ ਦੀ ਲੋੜ ਪੂਰਾ ਕਰੇਗੀ। ਇਸ ਕਿੱਟ ਅੰਦਰ ਘੀਆ ਕੱਦੂ (ਪੰਜਾਬ ਕੋਮਲ ਤੇ ਪੰਜਾਬ ਬਰਕਤ), ਚੱਪਣ ਕੱਦੂ, ਹਲਵਾ ਕੱਦੂ, ਘੀਆ ਤੋਰੀ, ਟੀਂਡਾ, ਕਰੇਲਾ, ਭਿੰਡੀ, ਲੋਬੀਆ, ਤਰ, ਖੀਰਾ ਦੇ ਬੀਜ ਮੌਜੂਦ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਦੇ ਬਾਗਬਾਨੀ ਵਿਕਾਸ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਸਾਰੇ ਸੋਮੇ ਮੌਜੂਦ ਹੋਣ ਦੇ ਬਾਵਜੂਦ ਵੀ ਸੰਤੁਲਿਤ ਖੁਰਾਕ ਆਪ ਪੈਦਾ ਕਰਨ ਦੀ ਘਾਟ ਪਾਈ ਜਾਂਦੀ ਹੈ, ਜਿਸ ਦੀ ਪੂਰਤੀ ਆਪਣੇ ਘਰੇਲੂ ਬਗੀਚੀ ਵਿੱਚ ਕੀਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਸਾਰਾ ਸਾਲ ਘਰਾਂ ਵਿਚ ਰੋਜ਼ਾਨਾ ਖਪਤ ਲਈ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ ਨੂੰ ਘਰਾਂ/ਟਿਊਬਵੈਲਾਂ ’ਤੇ ਸੁਚੱਜੇ ਢੰਗ ਨਾਲ ਪੈਦਾ ਕਰਨ ਨੂੰ ਹੀ ਘਰੇਲੂ ਬਗੀਚੀ ਕਿਹਾ ਜਾਂਦਾ ਹੈ। ਉਨਾਂ ਦੱਸਿਆ ਕਿ ਘਰੇਲੂ ਬਗੀਚੀ ਵਿਚ ਤਿਆਰ ਕੀਤੀ ਉਪਜ ਨਾ ਸਿਰਫ ਤਾਜ਼ੀ ਹੋਵੇਗੀ, ਸਗੋਂ ਹਾਨੀਕਾਰਕ ਕੀੜੇਮਾਰ ਦਵਾਈਆਂ ਤੋਂ ਮੁਕਤ ਹੋਵੇਗੀ ਅਤੇ ਪੈਦਾ ਕਰਨ ਵਾਲੇ ਦਾ ਅੰਦਾਜਨ ਪ੍ਰਤੀ ਮਹੀਨਾ 2500 ਤੋ 3000 ਰੁਪਏ ਪ੍ਰਤੀ ਪਰਿਵਾਰ ਖਰਚਾ ਵੀ ਬਚੇਗਾ।

ਉਨਾਂ ਦੱਸਿਆ ਕਿ ਹਰ ਵਿਅਕਤੀ ਨੂੰ ਪ੍ਰਤੀ ਦਿਨ 300 ਗਰਾਮ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਸਾਡੇ ਰੋਜ਼ਾਨਾ ਦੇ ਲੋੜੀਂਦੇ ਤੱਤਾਂ ਦੀ ਪੂਰਤੀ ਕਰਦੀ ਹੈ। ਉਨਾਂ ਦੱਸਿਆ ਕਿ ਸਬਜ਼ੀਆਂ ਦੀ ਮਨੁੱਖ ਜੀਵਨ ਵਿੱਚ ਕਾਫੀ ਮਹੱਤਤਾ ਹੈ ਅਤੇ ਇਨਾਂ ਤੋਂ ਬਿਨਾਂ ਕੋਈ ਵੀ ਭੋਜਨ ਸੰਤੁਲਿਤ ਅਤੇ ਸੰਪੂਰਨ ਨਹੀਂ ਹੁੰਦਾ ਕਿਉਂਕਿ ਇੰਨਾਂ ਤੋਂ ਸਾਨੂੰ ਅਜਿਹੇ ਖੁਰਾਕੀ ਤੱਤ ਮਿਲਦੇ ਹਨ ਜੋ ਕਿ ਦੂਸਰੇ ਅਨਾਜਾਂ ਵਿਚ ਨਹੀਂ ਪਾਏ ਜਾਂਦੇ। ਸਬਜੀਆਂ ਵਿਟਾਮਿਨ ਏ ਅਤੇ ਸੀ ਦਾ ਸਭ ਤੋਂ ਉੱਤਮ ਕੁਦਰਤੀ ਸੋਮਾ ਹਨ ਅਤੇ ਵਿਟਾਮਿਨ ਬੀ ਅਤੇ ਬੀ-2 ਵੀ ਸਬਜ਼ੀਆਂ ਵਿਚ ਕਾਫੀ ਮਾਤਰਾ ਵਿਚ ਮਿਲਦੇ ਹਨ। ਇੰਨਾਂ ਵਿਚ ਖਣਿਜ ਪਦਾਰਥ ਜਿਵੇਂ ਕਿ ਕੈਲਸ਼ੀਅਮ, ਲੋਹਾ ਅਤੇ ਫਾਸਫੋਰਸ ਕਾਫੀ ਮਾਤਰਾ ਵਿਚ ਹੁੰਦਾ ਹੈ। ਇੰਨਾਂ ਖਣਿਜਾਂ ਦੀ ਸਾਡੇ ਸਰੀਰਕ ਵਿਕਾਸ ਵਿਚ ਬਹੁਤ ਲੋੜ ਹੁੰਦੀ ਹੈ ਅਤੇ ਸਾਡੇ ਖੁਰਾਕ ਵਿਚ ਇੰਨਾਂ ਦੀ ਅਕਸਰ ਘਾਟ ਹੀ ਪਾਈ ਜਾਂਦੀ ਹੈ।

ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਬਜੀਆਂ ਦੇ ਸੇਵਨ ਤੋਂ ਸਾਨੂੰ ਪ੍ਰੋਟੀਨ, ਕਾਰਬੋਹਾਈਡਰੇਟਸ ਅਤੇ ਸੈਲੂਲੋਜ ਵੀ ਮਿਲਦੇ ਹਨ ਜਿੰਨਾਂ ਦੀ ਵਰਤੋਂ ਨਾਲ ਸਾਡੀ ਪਾਚਨ ਸ਼ਕਤੀ ਵੱਧਦੀ ਹੈ। ਇਨਾਂ ਵਿਚ ਐਂਟੀਆਕਸੀਡੈਂਟਸ, ਫਾਈਟੋਕੈਮੀਕਲਜ ਅਤੇ ਕਈ ਹੋਰ ਕੀਮਤੀ ਪਦਾਰਥ ਵੀ ਪਾਏ ਜਾਂਦੇ ਹਨ ਜੋ ਕਿ ਸਾਨੂੰ ਨਿਰੋਗ ਰੱਖਣ ਵਿਚ ਮਦਦ ਕਰਦੇ ਹਨ। ਉਨਾਂ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਬੀਜ ਕਿੱਟਾਂ ਤਿਆਰ ਕੀਤੀਆਂ ਗਈਆਂ ਹਨ ਅਤੇ ਇੱਕ ਕਿੱਟ ਦੀ ਕੀਮਤ ਸਿਰਫ 80/- ਰੁਪਏ ਹੈ, ਜੋ ਕਿ ਦਫਤਰੀ ਕੰਮ-ਕਾਜ ਵਾਲੇ ਦਿਨ ਬਾਗਬਾਨੀ ਦਫ਼ਤਰ, ਬਟਾਲਾ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments