spot_img
Homeਮਾਝਾਗੁਰਦਾਸਪੁਰਬਟਾਲਾ ਵਿਰਾਸਤੀ ਮੰਚ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਲਾਇਬ੍ਰੇਰੀ ਅਤੇ ਮਿਊਜ਼ੀਅਮ...

ਬਟਾਲਾ ਵਿਰਾਸਤੀ ਮੰਚ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਲਾਇਬ੍ਰੇਰੀ ਅਤੇ ਮਿਊਜ਼ੀਅਮ ਬਣਾਉਣ ਦੀ ਸ਼ੁਰੂਆਤ

ਕਾਦੀਆਂ 31 ਜੁਲਾਈ (ਮੁਨੀਰਾ ਸਲਾਮ ਤਾਰੀ) :- ਬਟਾਲਾ ਵਿਰਾਸਤੀ ਮੰਚ ਵੱਲੋਂ ਅੱਜ ਪਿੰਡ ਮਿਰਜਾਜਾਨ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਲਾਇਬ੍ਰੇਰੀ ਅਤੇ ਮਿਊਜ਼ੀਅਮ ਬਣਾਉਣ ਦੇ ਕਾਰਜ ਦੀ ਅਰੰਭਤਾ ਕਰ ਦਿੱਤੀ ਗਈ ਹੈ। ਕਾਰਜ ਦੀ ਸਫਲਤਾ ਲਈ ਸਭ ਤੋਂ ਪਹਿਲਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਗਈ ਅਤੇ ਇਸ ਉਪਰੰਤ ਬਟਾਲਾ ਵਿਰਾਸਤੀ ਮੰਚ ਦੇ ਪ੍ਰਧਾਨ ਸ. ਬਲਦੇਵ ਸਿੰਘ ਰੰਧਾਵਾ ਨੇ ਇਮਾਰਤ ਬਣਾਉਣ ਲਈ ਨੀਂਹ ਦਾ ਟੱਪ ਲਗਾਇਆ। ਇਸ ਮੌਕੇ ਡੀ.ਪੀ.ਆਰ.ਓ. ਇੰਦਰਜੀਤ ਸਿੰਘ ਹਰਪੁਰਾ, ਸਰਪੰਚ ਕੁਲਦੀਪ ਸਿੰਘ, ਰਿਟਾਇਡ ਐੱਸ.ਡੀ.ਓ. ਸ਼ਮਸ਼ੇਰ ਸਿੰਘ ਮੱਲੀ, ਪ੍ਰੋ. ਜਸਬੀਰ ਸਿੰਘ, ਕਿਸਾਨ ਆਗੂ ਸ਼ੇਰੇ ਪੰਜਾਬ ਸਿੰਘ ਕਾਹਲੋਂ, ਆਸਾ ਸਿੰਘ ਬਿਜਲੀਵਾਲ, ਸੁਰਜੀਤ ਸਿੰਘ, ਠੇਕੇਦਾਰ ਕੁਲਵਿੰਦਰ ਸਿੰਘ ਲਾਡੀ ਜੱਸਲ, ਪ੍ਰਧਾਨ ਸੰਤੋਖ ਸਿੰਘ, ਹਰਭਜਨ ਸਿੰਘ, ਗੁਰਦੀਪ ਸਿੰਘ ਬਾਜਵਾ, ਜਰਨੈਲ ਸਿੰਘ, ਸ਼ਗਨਦੀਪ ਸਿੰਘ ਗਿੱਲ, ਨੰਬਰਦਾਰ ਸਤਨਾਮ ਸਿੰਘ, ਹਰਪ੍ਰੀਤ ਸਿੰਘ ਪੰਚ, ਕਸ਼ਮੀਰ ਸਿੰਘ ਗਿੱਲ, ਮਨਜੀਤ ਸਿੰਘ ਵਾਲੀਆ ਠੇਕੇਦਾਰ ਮਨਜਿੰਦਰ ਸਿੰਘ ਅਤੇ ਪਿੰਡ ਮਿਰਜਾਜਾਨ ਦੇ ਵਸਨੀਕ ਹਾਜ਼ਰ ਸਨ।



ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਲਾਇਬ੍ਰੇਰੀ ਅਤੇ ਮਿਊਜ਼ੀਅਮ ਬਣਾਉਣ ਉੱਪਰ ਸਾਰੀ ਰਾਸ਼ੀ ਬਟਾਲਾ ਵਿਰਾਸਤੀ ਮੰਚ ਦੇ ਪ੍ਰਧਾਨ ਸ. ਬਲਦੇਵ ਸਿੰਘ ਰੰਧਾਵਾ ਅਤੇ ਉਨ੍ਹਾਂ ਦੇ ਭਰਾਤਾ ਸ. ਸੁਖਦੇਵ ਸਿੰਘ ਰੰਧਾਵਾ (ਯੂ.ਐੱਸ.ਏ.) ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਖਰਚ ਕੀਤੀ ਜਾ ਰਹੀ ਹੈ।

ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਬਟਾਲਾ ਵਿਰਾਸਤੀ ਮੰਚ ਦੇ ਪ੍ਰਧਾਨ ਸ. ਬਲਦੇਵ ਸਿੰਘ ਰੰਧਾਵਾ ਨੇ ਦੱਸਿਆ ਕਿ ਪਿੰਡ ਮਿਰਜਾਜਾਨ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਨ 1715 ਵਿੱਚ ਇੱਕ ਕਿਲ੍ਹਾ ਬਣਵਾਇਆ ਸੀ ਅਤੇ ਇਥੇ ਹੀ ਉਨ੍ਹਾਂ ਦੀ ਮੁਗਲਾਂ ਨਾਲ ਜੰਗ ਹੋਈ ਸੀ। ਸੋ ਇਸ ਇਤਿਹਾਸਕ ਪਿੰਡ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਬਣਾਉਣ ਦੇ  ਯਤਨ ਅਰੰਭੇ ਗਏ ਹਨ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਆਪਣੇ ਇਤਿਹਾਸ ਤੇ ਵਿਰਸੇ ਤੋਂ ਜਾਣੂ ਹੋ ਸਕੇ। ਸ. ਰੰਧਾਵਾ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਲਾਇਬ੍ਰੇਰੀ ਅਤੇ ਮਿਊਜ਼ੀਅਮ ਨੂੰ ਵਿਰਾਸਤੀ ਦਿੱਖ ਦਿੱਤੀ ਜਾਵੇਗੀ ਅਤੇ ਇਸ ਵਿੱਚ ਸਿੱਖ ਇਤਿਹਾਸ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਉੱਪਰ ਲਿਖੀਆਂ ਗਈਆਂ ਸਾਰੀਆਂ ਕਿਤਾਬਾਂ ਰੱਖੀਆਂ ਜਾਣਗੀਆਂ। ਇਸ ਤੋਂ ਇਲਾਵਾ ਬਾਬਾ ਜੀ ਦੇ ਜੀਵਨ ਨਾਲ ਸਬੰਧਤ ਚਿੱਤਰ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਵੀ ਇਸ ਮਿਊਜੀਅਮ ਵਿੱਚ ਲਗਾਇਆ ਜਾਵੇਗਾ।

ਇਸ ਨੇਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਡੀ.ਪੀ.ਆਰ.ਓ. ਇੰਦਰਜੀਤ ਸਿੰਘ ਹਰਪੁਰਾ ਨੇ ਕਿਹਾ ਕਿ ਇਸ ਯਾਦਗਾਰ ਦੇ ਬਣਨ ਨਾਲ ਜਿਥੇ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਤੇ ਇਤਿਹਾਸ ਨਾਲ ਜੋੜਿਆ ਜਾਵੇਗਾ ਓਥੇ ਪਿੰਡ ਮਿਰਜਾਜਾਨ ਦੀ ਇਤਿਹਾਸਕ ਮਹੱਤਤਾ ਨੂੰ ਉਭਾਰਨ ਦੇ ਯਤਨ ਵੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਗ੍ਰਾਂਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ ਅਤੇ ਇਹ ਲਾਇਬ੍ਰੇਰੀ ਅਤੇ ਮਿਊਜ਼ੀਅਮ ਆਪਣੇ ਆਪ ਵਿੱਚ ਵਿਲੱਖਣ ਤੇ ਯਾਦਗਾਰੀ ਹੋਵੇਗਾ। ਇਸ ਮੌਕੇ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਨੇ ਸਮੂਹ ਪਿੰਡ ਵਾਸੀਆਂ ਵੱਲੋਂ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments