ਕਾਦੀਆਂ, 3 ਫਰਵਰੀ (ਮੁਨੀਰਾ ਸਲਾਮ ਤਾਰੀ) – ਹੁਣ ਕੋਈ ਨਾਗਰਿਕ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਰਿਪੋਰਟ ਸੀ-ਵਿਜ਼ਿਲ ਐਪ ਉੱਪਰ ਕਰ ਸਕਦਾ ਹੈ ਅਤੇ ਕੀਤੀ ਗਈ ਸ਼ਿਕਾਇਤ ਦਾ ਨਿਪਟਾਰਾ 100 ਮਿੰਟਾਂ ਵਿੱਚ ਕੀਤਾ ਜਾਂਦਾ ਹੈ।ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਭਾਰਤੀ ਚੋਣ ਕਮਿਸਨ (ਈ.ਸੀ.ਆਈ.) ਦੁਆਰਾ ਵਿਕਸਤ ਕੀਤੀ ਗਈ ‘ਸੀ-ਵਿਜ਼ਿਲ ਐਪ’ ਆਮ ਨਾਗਰਿਕ ਨੂੰ ਆਦਰਸ਼ ਚੋਣ ਜਾਬਤੇ (ਐਮ.ਸੀ.ਸੀ.) ਦੀ ਉਲੰਘਣਾ ਬਾਰੇ ਰਿਪੋਰਟ ਕਰਨ ਦਾ ਪ੍ਰਭਾਵਸਾਲੀ ਮੰਚ ਪ੍ਰਦਾਨ ਕਰਦੀ ਹੈ।
ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ‘ਸੀ-ਵਿਜ਼ਿਲ ਐਪ’ ਇੱਕ ਤਰਾਂ ਨਾਲ ਆਮ ਲੋਕਾਂ ਦੀ ਚੌਕਸੀ ਹੈ। ਉਨਾਂ ਕਿਹਾ ਕਿ ਇਹ ਐਪ ਗੂਗਲ ਪਲੇਅ ਸਟੋਰ ’ਤੇ ਉਪਲਬਧ ਹੈ ਅਤੇ ਇਸ ਐਪ ਨਾਲ ਨਾਗਰਿਕ, ਥਾਂ (ਲੋਕੇਸਨ) ਆਧਾਰਿਤ ਵੇਰਵਿਆਂ ਦੇ ਨਾਲ ਮੌਕੇ ਤੋਂ ਆਦਰਸ਼ ਚੋਣ ਜਾਬਤੇ ਦੀ ਕਿਸੇ ਵੀ ਤਰਾਂ ਦੀ ਉਲੰਘਣਾ ਸਬੰਧੀ ਫੋਟੋਆਂ ਅਤੇ ਵੀਡੀਓ ਅਪਲੋਡ ਕਰ ਸਕਦੇ ਹਨ। ਉਨਾਂ ਦੱਸਿਆ ਕਿ ਜਿਸ ਸਮੇਂ ਕਿਸੇ ਨਾਗਰਕਿ ਵੱਲੋਂ ਕੋਈ ਤਸਵੀਰ ਜਾਂ ਵੀਡੀਓ ਅਪਲੋਡ ਕੀਤੀ ਜਾਂਦੀ ਹੈ ਤਾਂ ਉਸੇ ਵੇਲੇ ਉਡਣ ਦਸਤੇ ਅਤੇ ਰਿਟਰਨਿੰਗ ਅਫਸਰਾਂ ਵੱਲੋਂ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ। ਉਨਾਂ ਕਿਹਾ ਕਿ ਜਿਵੇਂ ਹੀ ਐਪ ’ਤੇ ਸ਼ਿਕਾਇਤ ਦਰਜ ਹੁੰਦੀ ਹੈ ਤਾਂ ਉਸ ਦਾ 100 ਮਿੰਟਾਂ ਵਿੱਚ ਨਿਪਟਾਰਾ ਕਰਨਾ ਹੁੰਦਾ ਹੈ।
ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਚੋਣਾਂ ਦੌਰਾਨ ਵੋਟਰਾਂ ਨੂੰ ਭਰਮਾਉਣ ਲਈ ਉਮੀਦਵਾਰਾਂ ਜਾਂ ਸਿਆਸੀ ਪਾਰਟੀਆਂ ਵੱਲੋਂ ਅਪਣਾਈਆਂ ਜਾ ਰਹੀਆਂ ਕਿਸੇ ਵੀ ਕਿਸਮ ਦੀਆਂ ਕੁਤਾਹੀਆਂ ਦੀ ਆਮ ਲੋਕ ਇਸ ਐਪ ਰਾਹੀਂ ਆਪਣੇ ਪੱਧਰ ’ਤੇ ਨਿਗਰਾਨੀ ਕਰ ਸਕਦੇ ਹਨ। ਉਨਾਂ ਕਿਹਾ ਕਿ ਇਹ ਐਪ ਪ੍ਰਸ਼ਾਸਨ ਨੂੰ ਵੀ ਨਿਰਪੱਖ ਅਤੇ ਪਾਰਦਰਸੀ ਚੋਣਾਂ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ। ਉਨਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਸੀ-ਵਿਜ਼ਿਲ ਐਪ ’ਤੇ ਆਉਣ ਵਾਲੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਿਸ਼ੇਸ਼ ਅਧਿਕਾਰੀ ਨਿਯੁਕਤ ਕੀਤੇ ਗਏ ਹਨ ਜਿਨਾਂ ਵੱਲੋਂ ਫੌਰੀ ਤੌਰ ’ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ।