ਗੁਰਦਾਸਪੁਰ, 3 ਜਨਵਰੀ (ਮੁਨੀਰਾ ਸਲਾਮ ਤਾਰੀ)ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੇ ਦਿਸ਼ਾ-ਨਿਰਦੇਸ਼ ਹੇਠ ਸਵੀਪ ਗਤੀਵਿਧੀਆਂ ਤਹਿਤ ਜ਼ਿਲ੍ਹੇ ਅੰਦਰ ਵੋਟਰਾਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਅਤੇ 18-19 ਸਾਲ ਦੇ ਵੋਟਰਾਂ ਨੂੰ ਵੋਟ ਬਣਾਉਣ ਦੇ ਮੰਤਵ ਨਾਲ ਵਿਸ਼ੇਸ ਮੁਹਿੰਮ ਵਿੱਢੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਨੇ ਦੱਸਿਆ ਕਿ ਇਸ ਸਬੰਧ ਵਿਚ ਜ਼ਿਲਾ ਸਿੱਖਿਆ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਵਲੋਂ ਸਵੀਪ ਗਤਵਿਧੀਆਂ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਵਿਧਾਨ ਸਭਾ ਚੋਣਾਂ 2022 ਦੌਰਾਨ ਕੋਈ ਵੀ ਯੋਗ ਵੋਟਰ ਆਪਣੇ ਵੋਟ ਦੇ ਹੱਕ ਤੋਂ ਵਾਂਝਾ ਨਾ ਰਹੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲੇ ਅੰਦਰ 18-19 ਸਾਲ ਦੇ ਨੋਜਵਾਨ ਲੜਕੇ-ਲੜਕੀਆਂ ਦੀ 100 ਫੀਸਦ ਵੋਟ ਬਣਾਉਣ, ਔਰਤਾਂ ਦੀ 100 ਫੀਸਦ ਵੋਟ ਪੋਲ ਕਰਵਾਉਣ ਸਬੰਧੀ, ਪੋਲਿੰਗ ਬੂਥਾਂ ਨੂੰ ਡੈਕੋਰੇਟ ਕਰਨ ਸਬੰਧੀ, ਯੂਥ ਕਲੱਬਾਂ ਦੀ ਗਤੀਵਿਧੀਆਂ ਵਧਾਉਣ ਸਬੰਧੀ, 80 ਸਾਲ ਤੋਂ ਵੱਧ ਦੀ ਉਮਰ ਵਾਲੇ ਵੋਟਰ ਅਤੇ ਅੰਗਹੀਣ ਵੋਟਰਾਂ ਦੀ ਵੋਟਰ ਵਜੋ ਸ਼ਮੂਲੀਅਤ ਵਧਾਉਣ ਸਬੰਧੀ, ਵੋਟਰ ਸੇਲਫੀ ਕੰਪੇਨ ਆਦਿ ਤਹਿਤ ਸਵੀਪ ਗਤੀਵਿਧੀਆਂ ਕੀਤੀਆ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਦੇਸ਼ ਦੀ ਸ਼ਕਤੀ ਨੋਜਵਾਨ ਹੈ ਅਤੇ ਨੌਜਵਾਨ ਦੀ ਸ਼ਕਤੀ ਵੋਟ ਹੈ। ਇਸ ਲਈ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਜਾਗਰੂਕ ਹੋਣ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਵੋਟ ਦੇ ਹੱਕ ਦਾ ਇਸਤੇਮਾਲ ਜਰੂਰ ਕਰਨ।