spot_img
Homeਮਾਝਾਗੁਰਦਾਸਪੁਰਪ੍ਰਤਾਪ ਸਿੰਘ ਬਾਜਵਾ ਤੇ ਹੋਰ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਗੁਰਿੰਦਰ ਸਿੰਘ...

ਪ੍ਰਤਾਪ ਸਿੰਘ ਬਾਜਵਾ ਤੇ ਹੋਰ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਗੁਰਿੰਦਰ ਸਿੰਘ ਚੀਕੂ ਨੇ ਮਾਰਕਿਟ ਕਮੇਟੀ ਬਟਾਲਾ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਬਟਾਲਾ, 31 ਅਗਸਤ (ਸਲਾਮ ਤਾਰੀ ) – ਮਾਰਕਿਟ ਕਮੇਟੀ ਬਟਾਲਾ ਦੇ ਨਵ-ਨਿਯੁਕਤ ਚੇਅਰਮੈਨ ਸ. ਗੁਰਿੰਦਰ ਸਿੰਘ ਚੀਕੂ ਨੇ ਅੱਜ ਰਾਜ ਸਭਾ ਮੈਂਬਰ ਸ. ਪ੍ਰਤਾਪ ਸਿੰਘ ਬਾਜਵਾ ਦੀ ਹਾਜ਼ਰੀ ਵਿੱਚ ਆਪਣਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਮੌਕੇ ਕਰਵਾਏ ਸਮਾਗਮ ਵਿੱਚ ਰਾਜ ਸਭਾ ਮੈਂਬਰ ਸ. ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਲੋਕ ਸਭਾ ਮੈਂਬਰ ਸ. ਜਸਬੀਰ ਸਿੰਘ ਗਿੱਲ, ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਵਿਧਾਇਕ ਸ. ਫ਼ਤਹਿਜੰਗ ਸਿੰਘ ਬਾਜਵਾ, ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ, ਵਿਧਾਇਕ ਸ. ਸੰਤੋਖ ਸਿੰਘ ਭਲਾਈਪੁਰ, ਵਿਧਾਇਕ ਸ੍ਰੀ ਜੋਗਿੰਦਰਪਾਲ, ਐੱਸ.ਐੱਸ.ਐੱਸ. ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਸ. ਭੁਪਿੰਦਰਪਾਲ ਸਿੰਘ ਭਗਤੂਪੁਰ, ਜਾਟ ਮਹਾਂ ਸਭਾ ਦੇ ਪ੍ਰਧਾਨ ਸ. ਹਰਪਾਲ ਸਿੰਘ ਹਰਪੁਰਾ, ਮਨੋਹਰ ਲਾਲ ਸ਼ਰਮਾਂ, ਕੰਵਰ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨ ਪਹੁੰਚੇ ਹੋਏ ਸਨ।

ਇਸ ਮੌਕੇ ਮਾਰਕਿਟ ਕਮੇਟੀ ਬਟਾਲਾ ਦੇ ਨਵ-ਨਿਯੁਕਤ ਚੇਅਰਮੈਨ ਸ. ਗੁਰਿੰਦਰ ਸਿੰਘ ਚੀਕੂ ਨੂੰ ਵਧਾਈ ਦਿੰਦਿਆਂ ਰਾਜ ਸਭਾ ਮੈਂਬਰ ਸ. ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੇ ਪੁਰਾਣੇ ਸਾਥੀ ਨੂੰ ਇਹ ਮਾਣ ਦਿੱਤਾ ਹੈ ਜਿਸ ਲਈ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਚੇਅਰਮੈਨ ਗੁਰਿੰਦਰ ਸਿੰਘ ਇਮਾਨਦਾਰ ਅਤੇ ਜ਼ਮੀਨ ਨਾਲ ਜੁੜੇ ਹੋਏ ਆਗੂ ਹਨ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਮਾਰਕਿਟ ਕਮੇਟੀ ਨਵੀਆਂ ਬੁਲੰਦੀਆਂ ਨੂੰ ਹਾਸਲ ਕਰੇਗੀ। ਸ. ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਨਵੇਂ ਚੇਅਰਮੈਨ ਸਾਹਿਬ ਦੀ ਅਗਵਾਈ ਵਿੱਚ ਮੰਡੀ ਆਏ ਕਿਸਾਨਾਂ ਨੂੰ ਆਪਣੀ ਜਿਨਸ ਵੇਚਣ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ।

ਰਾਜ ਸਭਾ ਮੈਂਬਰ ਸ. ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨੀ ਦੇ ਸੱਚੇ ਹਿਮਾਇਤੀ ਹਨ ਅਤੇ ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਗੰਨੇ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸ. ਬਾਜਵਾ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਦੇ ਨਾਲ ਹਨ ਅਤੇ ਉਹ ਰਾਜ ਸਭਾ ਵਿੱਚ ਆਪਣੇ ਕਿਸਾਨ ਭਰਾਵਾਂ ਦੀ ਡਟ ਕੇ ਵਕਾਲਤ ਕਰ ਰਹੇ ਹਨ।

ਪੰਜਾਬ ਦੀ ਸਿਆਸਤ ਬਾਰੇ ਗੱਲ ਕਰਦਿਆਂ ਸ. ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਇਸ ਵਾਰ ਜ਼ਿਲ੍ਹਾ ਗੁਰਦਾਸਪੁਰ ਦੇ ਕਿਸੇ ਵਿਧਾਨ ਸਭਾ ਹਲਕੇ ਤੋਂ ਚੋਣ ਲੜ੍ਹਨਗੇ ਅਤੇ ਪੰਜਾਬ ਦੀ ਰਾਜਨੀਤੀ ਵਿਚ ਸਰਗਰਮ ਹੋ ਕੇ ਆਪਣੇ ਸੂਬੇ ਦੀ ਸੇਵਾ ਕਰਨਗੇ। ਉਨ੍ਹਾਂ ਕਿਹਾ ਕਿ ਚੋਣ ਹਲਕੇ ਦਾ ਫੈਸਲਾ ਵਰਕਰਾਂ ਦੀ ਰਾਇ ਅਨੁਸਾਰ ਪਾਰਟੀ ਹਾਈ ਕਮਾਨ ਕਰੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਬਟਾਲਾ ਸ਼ਹਿਰ ਵਿੱਚ ਪੰਜਾਬ ਸਰਕਾਰ ਵੱਲੋਂ ਪੀ.ਪੀ.ਪੀ. ਮੋਡ ’ਤੇ ਇੱਕ ਮੈਡੀਕਲ ਕਾਲਜ ਬਣਾਇਆ ਜਾਵੇਗਾ ਜਿਸ ਸਬੰਧੀ ਉਨ੍ਹਾਂ ਮੁੱਖ ਮੰਤਰੀ ਨਾਲ ਗੱਲ ਕਰ ਲਈ ਹੈ। ਉਨ੍ਹਾਂ ਕਿਹਾ ਕਿ ਇਸ ਕਾਲਜ ਦੀ ਜ਼ਮੀਨ ਸਬੰਧੀ ਕਾਰਵਾਈ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇੱਕਜੁਟ ਹੈ ਅਤੇ 2022 ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੁਬਾਰਾ ਸਰਕਾਰ ਬਣਾਵੇਗੀ। ਇਸ ਮੌਕੇ ਗੰਨਾ ਕਾਸ਼ਤਕਾਰਾਂ ਅਤੇ ਕਿਸਾਨਾਂ ਵੱਲੋਂ ਸ. ਪ੍ਰਤਾਪ ਸਿੰਘ ਬਾਜਵਾ ਅਤੇ ਫ਼ਤਹਿਜੰਗ ਸਿੰਘ ਬਾਜਵਾ ਨੂੰ ਗੰਨੇ ਦਾ ਭਾਅ ਵਧਾਉਣ ਵਿੱਚ ਪਾਏ ਯੋਗਦਾਨ ਲਈ ਵਿਸ਼ੇਸ਼ ਤੌਰ ਸਨਮਾਨਤ ਕੀਤਾ।

ਇਸ ਮੌਕੇ ਲੋਕ ਸਭਾ ਮੈਂਬਰ ਲੋਕ ਸਭਾ ਮੈਂਬਰ ਸ. ਜਸਬੀਰ ਸਿੰਘ ਗਿੱਲ, ਸ. ਗੁਰਜੀਤ ਸਿੰਘ ਔਜਲਾ, ਵਿਧਾਇਕ ਸ. ਫ਼ਤਹਿਜੰਗ ਸਿੰਘ ਬਾਜਵਾ, ਸ. ਬਲਵਿੰਦਰ ਸਿੰਘ ਲਾਡੀ, ਸ. ਸੰਤੋਖ ਸਿੰਘ ਭਲਾਈਪੁਰ, ਸ੍ਰੀ ਜੋਗਿੰਦਰਪਾਲ ਨੇ ਵੀ ਨਵ-ਨਿਯੁਕਤ ਚੇਅਰਮੈਨ ਗੁਰਿੰਦਰ ਸਿੰਘ ਚੀਕੂ ਨੂੰ ਵਧਾਈ ਦਿੱਤੀ। ਇਸ ਦੌਰਾਨ ਚੇਅਰਮੈਨ ਸ. ਗੁਰਿੰਦਰ ਸਿੰਘ ਚੀਕੂ ਨੇ ਪ੍ਰਤਾਪ ਸਿੰਘ ਬਾਜਵਾ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਇਸ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments