spot_img
Homeਮਾਝਾਅੰਮ੍ਰਿਤਸਰਨਗਰ ਨਿਗਮ ਬਟਾਲਾ ਕੂੜੇ ਤੋਂ ਕਰ ਰਿਹਾ ਦੇਸੀ ਖਾਦ ਤਿਆਰ

ਨਗਰ ਨਿਗਮ ਬਟਾਲਾ ਕੂੜੇ ਤੋਂ ਕਰ ਰਿਹਾ ਦੇਸੀ ਖਾਦ ਤਿਆਰ

ਬਟਾਲਾ, 19 ਅਪ੍ਰੈਲ (ਮੁਨੀਰਾ ਸਲਾਮ ਤਾਰੀ) – ਨਗਰ ਨਿਗਮ ਬਟਾਲਾ ਵੱਲੋਂ ਕੂੜੇ ਦਾ ਨਿਪਟਾਰਾ ਵਿਗਿਆਨਿਕ ਢੰਗ ਨਾਲ ਕਰਕੇ ਇਸਦੀ ਖਾਦ ਬਣਾਈ ਜਾ ਰਹੀ ਹੈ ਜਿਸਦੀ ਬਜ਼ਾਰ ਵਿੱਚ ਮੰਗ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਬੀਤੇ ਦਿਨੀ ਬਟਾਲਾ ਵਿਖੇ ਲੱਗੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦੌਰਾਨ ਨਗਰ ਨਿਗਮ ਬਟਾਲਾ ਨੇ ਇੱਕ ਵਿਸ਼ੇਸ਼ ਸਟਾਲ ਲਗਾ ਕੇ ਕੂੜੇ ਤੋਂ ਬਣਾਈ ਕੰਪੋਸਟ ਖਾਦ ਵੇਚਣ ਲਈ ਰੱਖੀ ਸੀ ਅਤੇ ਕਿਸਾਨਾਂ ਨੇ ਇਸ ਦੇਸੀ ਖਾਦ ਪ੍ਰਤੀ ਵਿਸ਼ੇਸ਼ ਦਿਲਚਸਪੀ ਦਿਖਾਈ। ਸਿਖਲਾਈ ਕੈਂਪ ਦੌਰਾਨ ਕਿਸਾਨਾਂ ਵੱਲੋਂ 200 ਕਿਲੋ ਤੋਂ ਵੱਧ ਕੰਪੋਸਟ ਖਾਦ ਨਗਰ ਨਿਗਮ ਤੋਂ ਖਰੀਦੀ ਗਈ।

ਨਗਰ ਨਿਗਮ ਵੱਲੋਂ ਕੂੜੇ ਤੋਂ ਖਾਦ ਬਣਾਉਣ ਦੇ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਸ੍ਰੀ ਰਾਮ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਬੀਤੇ ਕੁਝ ਸਮੇਂ ਤੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਿਟਸ ਬਣਾ ਕੇ ਗਿੱਲੇ ਕੂੜੇ ਤੋਂ ਦੇਸੀ ਖਾਦ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਸਫਾਈ ਕਰਮੀਆਂ ਵੱਲੋਂ ਪਹਿਲਾਂ ਘਰੋ-ਘਰੀ ਜਾ ਕੇ ਸੁੱਕਾ ਤੇ ਗਿੱਲਾ ਕੂੜਾ ਵੱਖ-ਵੱਖ ਇਕੱਠਾ ਕੀਤਾ ਜਾਂਦਾ ਹੈ ਜਿਸ ’ਚੋਂ ਸੁੱਕੇ ਕੂੜੇ ਨੂੰ ਰੀਸਾਈਕਲ ਲਈ ਐੱਮ.ਆਰ.ਐੱਫ ਯੂਨਿਟ ਭੇਜ ਦਿੱਤਾ ਜਾਂਦਾ ਹੈ ਜਦਕਿ ਗਿੱਲੇ ਕੂੜੇ ਨੂੰ ਪਿੱਟਸ ਵਿੱਚ ਪਾ ਦਿੱਤਾ ਜਾਂਦਾ ਹੈ ਜਿਥੇ ਕੁਝ ਦਿਨਾਂ ਵਿੱਚ ਦੇਸੀ ਖਾਦ ਤਿਆਰ ਕਰ ਲਈ ਜਾਂਦੀ ਹੈ।

ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਕੂੜੇ ਤੋਂ ਤਿਆਰ ਕੀਤੀ ਦੇਸੀ ਖਾਦ ਦੀ ਨਗਰ ਨਿਗਮ ਵੱਲੋਂ 10 ਕਿਲੋ, 5 ਕਿਲੋ ਦੀ ਪੈਕਿੰਗ ਕੀਤੀ ਜਾਂਦੀ ਹੈ ਅਤੇ ਕਿਸਾਨ ਇਸ ਖਾਦ ਨੂੰ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਨਗਰ ਨਿਗਮ ਬਟਾਲਾ ਤੋਂ ਖਰੀਦ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਦੇਸੀ ਖਾਦ ਬਹੁਤ ਵਧੀਆ ਅਤੇ ਜ਼ਮੀਨ ਦੀ ਸਿਹਤ ਲਈ ਬਹੁਤ ਲਾਹੇਵੰਦ ਹੈ ਅਤੇ ਕਿਸਾਨਾਂ ਵੱਲੋਂ ਇਸ ਖਾਦ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਂਦੀ ਹੈ।

ਕਮਿਸ਼ਨਰ ਸ੍ਰੀ ਰਾਮ ਸਿੰਘ ਨੇ ਕਿਹਾ ਗਿੱਲੇ ਕੂੜੇ ਤੋਂ ਖਾਦ ਬਣਾਉਣ ਨਾਲ ਜਿਥੇ ਕੂੜੇ ਦਾ ਨਿਪਟਾਰਾ ਹੋ ਰਿਹਾ ਹੈ ਓਥੇ ਇਹ ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਵਿੱਚ ਵੀ ਸਹਾਈ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਵੀ ਅੱਗੇ ਆ ਕੇ ਆਪਣੇ ਘਰਾਂ ਵਿੱਚ ਕੂੜੇ ਤੋਂ ਖੁਦ ਵੀ ਖਾਦ ਤਿਆਰ ਕਰਨੀ ਚਾਹੀਦੀ ਹੈ, ਜਿਸਨੂੰ ਉਹ ਆਪਣੇ ਫੁੱਲ-ਬੂਟਿਆਂ ਨੂੰ ਪਾਉਣ ਦੇ ਨਾਲ ਬਜ਼ਾਰ ਵਿੱਚ ਵੀ ਵੇਚ ਸਕਦੇ ਹਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments