spot_img
Homeਮਾਝਾਗੁਰਦਾਸਪੁਰਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਨਗਰ ਨਿਗਮ ਬਟਾਲਾ ਨੇ ਨਵੀਂ...

ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਨਗਰ ਨਿਗਮ ਬਟਾਲਾ ਨੇ ਨਵੀਂ ਪਹਿਲਕਦਮੀ ਕੀਤੀ

ਬਟਾਲਾ, 26 ਜੁਲਾਈ (ਸਲਾਮ ਤਾਰੀ ) – ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਨਗਰ ਨਿਗਮ ਬਟਾਲਾ ਨੇ ਨਵੀਂ ਪਹਿਲਕਦਮੀ ਕੀਤੀ ਹੈ। ਨਗਰ ਨਿਗਮ ਵੱਲੋਂ ਬਟਾਲਾ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੇ ਵਾਧੇ ਨੂੰ ਰੋਕਣ ਲਈ ਐਨੀਮਲ ਬਰਥ ਕੰਟਰੋਲ (ਏ.ਬੀ.ਸੀ.) ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਜਿਸਦੀ ਸ਼ੁਰੂਆਤ ਅੱਜ ਮੇਅਰ ਸ. ਸੁਖਦੀਪ ਸਿੰਘ ਤੇਜਾ ਵੱਲੋਂ ਕੀਤੀ ਗਈ।

ਐਨੀਮਲ ਬਰਥ ਕੰਟਰੋਲ (ਏ.ਬੀ.ਸੀ.) ਪ੍ਰੋਗਰਾਮ ਦੀ ਬਟਾਲਾ ਸ਼ਹਿਰ ਵਿੱਚ ਸ਼ੁਰੂਆਤ ਕਰਦਿਆਂ ਮੇਅਰ ਸ. ਸੁਖਦੀਪ ਸਿੰਘ ਤੇਜਾ ਨੇ ਕਿਹਾ ਕਿ ਪਹਿਲੇ ਪੜਾਅ ਤਹਿਤ ਬਟਾਲਾ ਸ਼ਹਿਰ ਵਿੱਚ 1000 ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਵੀ ਇਸ ਪ੍ਰੋਗਰਾਮ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਏ.ਬੀ.ਸੀ. ਪ੍ਰੋਗਰਾਮ ਤਹਿਤ 14 ਲੱਖ ਰੁਪਏ ਦਾ ਟੈਂਡਰ ਲਗਾਇਆ ਗਿਆ ਸੀ, ਜਿਸ ਤਹਿਤ ਅੱਜ ਟੈਂਡਰ ਲੈਣ ਵਾਲੀ ਫਰਮ ਵੱਲੋਂ ਕੁੱਤਿਆਂ ਦੀ ਨਸਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਪਸ਼ੂ ਪਾਲਣ ਵਿਭਾਗ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ।

ਮੇਅਰ ਸ. ਸੁਖਦੀਪ ਸਿੰਘ ਤੇਜਾ ਨੇ ਅੱਗੇ ਦੱਸਿਆ ਕਿ ਕੁੱਤਿਆਂ ਦੀ ਨਸਬੰਦੀ ਪ੍ਰੋਗਰਾਮ ਤਹਿਤ ਸਬੰਧਤ ਫਰਮ ਵੱਲੋਂ ਸ਼ਹਿਰ ਵਿੱਚੋਂ ਅਵਾਰਾ ਕੁੱਤੇ ਫੜੇ ਜਾਣਗੇ ਅਤੇ ਉਨ੍ਹਾਂ ਦੀ ਮਾਹਿਰ ਵੈਟਨਰੀ ਡਾਕਟਰਾਂ ਵੱਲੋਂ ਨਸਬੰਦੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸਬੰਦੀ ਕਰਨ ਦੇ ਨਾਲ ਕੁੱਤਿਆਂ ਨੂੰ ਹਲਕਾਅ ਅਤੇ ਚਿੱਚੜਾਂ ਤੋਂ ਬਚਾਅ ਦੇ ਟੀਕੇ ਵੀ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਨਸਬੰਦੀ ਕਰਨ ਤੋਂ ਬਾਅਦ ਤਿੰਨ ਦਿਨ ਕੁੱਤੇ ਨੂੰ ਨਸਬੰਦੀ ਸੈਂਟਰ ਵਿੱਚ ਰੱਖਿਆ ਜਾਵੇਗਾ ਅਤੇ ਇਸ ਦੌਰਾਨ ਉਸਨੂੰ ਡਾਈਟ ਦਿੱਤੀ ਜਾਵੇਗੀ।

ਮੇਅਰ ਸ. ਸੁਖਦੀਪ ਸਿੰਘ ਤੇਜਾ ਨੇ ਕਿਹਾ ਕਿ ਅੱਜ ਸ਼ੁਰੂ ਕੀਤੀ ਐਨੀਮਲ ਬਰਥ ਕੰਟਰੋਲ (ਏ.ਬੀ.ਸੀ.) ਮੁਹਿੰਮ ਦਾ ਨਤੀਜਾ ਆਉਣ ਵਾਲੇ ਸਮੇਂ ਵਿੱਚ ਦੇਖਣ ਨੂੰ ਮਿਲੇਗਾ ਅਤੇ ਇਸ ਨਾਲ ਅਵਾਰਾ ਕੁੱਤਿਆਂ ਦੇ ਵਾਧੇ ’ਤੇ ਰੋਕ ਲੱਗ ਸਕੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਅਗਲੇ 2 ਮਹੀਨਿਆਂ ਦੇ ਅੰਦਰ ਸ਼ਹਿਰ ਵਿੱਚਲੇ ਇੱਕ ਹਜ਼ਾਰ ਅਵਾਰਾ ਕੁੱਤਿਆਂ ਦੀ ਨਸਬੰਦੀ ਕਰ ਲਈ ਜਾਵੇਗੀ ਅਤੇ ਇਸ ਤੋਂ ਬਾਅਦ ਵੀ ਇਸ ਪ੍ਰੋਗਰਾਮ ਨੂੰ ਜਾਰੀ ਰੱਖਿਆ ਜਾਵੇਗਾ।

ਇਸੇ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਸੀਨੀਅਰ ਵੈਟਨਰੀ ਡਾਕਟਰ ਸਰਬਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਅਵਾਰਾ ਕੁੱਤਿਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਐਨੀਮਲ ਬਰਥ ਕੰਟਰੋਲ (ਏ.ਬੀ.ਸੀ.) ਪ੍ਰੋਗਰਾਮ ਬਹੁਤ ਕਾਰਗਰ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ 50 ਫੀਸਦੀ ਫੀਮੇਲ ਤੇ 50 ਫੀਸਦੀ ਮੇਲ ਕੁੱਤਿਆਂ ਦੀ ਨਸਬੰਦੀ ਹੋਵੇਗੀ। ਉਨ੍ਹਾਂ ਕਿਹਾ ਕਿ ਇੱਕ ਕੁੱਤੇ ਦੀ ਨਸਬੰਦੀ ਉੱਪਰ ਕਰੀਬ 1400 ਰੁਪਏ ਖਰਚਾ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਕੁੱਤੇ ਦੀ ਨਸਬੰਦੀ ਹੋ ਜਾਵੇਗੀ ਉਸਦੇ ਸੱਜੇ ਕੰਨ ਉਪਰ ਵੀ ਸ਼ੇਪ ਦਾ ਕੱਟ ਲਗਾ ਦਿੱਤਾ ਜਾਵੇਗਾ।

ਇਸ ਮੌਕੇ ਸਿਟੀਜ਼ਨ ਵੈਲਫੇਅਰ ਫੋਰਮ ਦੇ ਪ੍ਰਧਾਨ ਪ੍ਰੋ. ਸੁਖਵੰਤ ਸਿੰਘ ਗਿੱਲ ਨੇ ਨਗਰ ਨਿਗਮ ਵੱਲੋਂ ਸ਼ੁਰੂ ਕੀਤੇ ਐਨੀਮਲ ਬਰਥ ਕੰਟਰੋਲ (ਏ.ਬੀ.ਸੀ.) ਪ੍ਰੋਗਰਾਮ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਇਸ ਨਾਲ ਸ਼ਹਿਰ ਵਾਸੀਆਂ ਨੂੰ ਅਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਅਵਾਰਾ ਕੁੱਤਿਆਂ ਵੱਲੋਂ ਰੋਜ਼ਾਨਾਂ ਹੀ ਲੋਕਾਂ ਨੂੰ ਵੱਢਣ ਦੀਆਂ ਖਬਰਾਂ ਮਿਲਦੀਆਂ ਹਨ ਅਤੇ ਕਈ ਥਾਈਂ ਤਾਂ ਅਵਾਰਾ ਕੁੱਤੇ ਮਨੁੱਖਾਂ ਨੂੰ ਜ਼ਿੰਦਾ ਹੀ ਖਾ ਜਾਂਦੇ ਹਨ ਜੋ ਕਿ ਬਹੁਤ ਭਿਆਨਕ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਜੋ ਕੁੱਤਿਆਂ ਦੀ ਨਸਬੰਦੀ ਸ਼ੁਰੂ ਕੀਤੀ ਗਈ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਅਤੇ ਸਿਟੀਜ਼ਨ ਫੋਰਮ ਇਸ ਕਾਰਜ ਵਿੱਚ ਹਰ ਤਰਾਂ ਦਾ ਸਹਿਯੋਗ ਦੇਣ ਲਈ ਤਿਆਰ ਹੈ।

ਇਸ ਮੌਕੇ ਕੌਂਸਲਰ ਸੰਜੀਵ ਸ਼ਰਮਾ, ਗੌਤਮ ਸੇਠ ਗੁੱਡੂ, ਪ੍ਰਭਜੋਤ ਸਿੰਘ ਚੱਠਾ, ਕਾਕੇ ਸ਼ਾਹ, ਰਮੇਸ਼ ਵਰਮਾ, ਚੰਦਰ ਮੋਹਨ, ਬਲਬੀਰ ਖੋਖਰ, ਪਰਮਿੰਦਰ ਸਿੰਘ, ਹਰਪਾਲ ਸਿੰਘ ਖਾਲਸਾ ਬੈਸਟ ਟਾਈਲ ਵਾਲੇ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਕਸਤੂਰੀ ਲਾਲ, ਬੂਰਾ ਗਾਂਧੀ ਕੈਂਪ, ਸ਼ੰਮੀ ਕਪੁਰ ਅਤੇ ਹੋਰ ਮੋਹਤਬਰ ਵੀ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments