spot_img
Homeਮਾਝਾਗੁਰਦਾਸਪੁਰਨਰਿੰਦਰ ਮੋਦੀ ਕੇਜਰੀਵਾਲ ਰਾਹੀਂ ਪੰਜਾਬ ਨੂੰ ਕਾਬੂ ਕਰਨਾ ਚਾਹੁੰਦਾ ਹੈ : ਤ੍ਰਿਪਤ...

ਨਰਿੰਦਰ ਮੋਦੀ ਕੇਜਰੀਵਾਲ ਰਾਹੀਂ ਪੰਜਾਬ ਨੂੰ ਕਾਬੂ ਕਰਨਾ ਚਾਹੁੰਦਾ ਹੈ : ਤ੍ਰਿਪਤ ਬਾਜਵਾ

ਕਾਦੀਆ 17 ਫਰਵਰੀ – (ਮੁਨੀਰਾ ਸਲਾਮ ਤਾਰੀ) ਫ਼ਤਹਿਗੜ੍ਹ ਚੂੜੀਆਂ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸੂਬੇ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਲਾਕੇ ਦੇ ਤਕਰੀਬਨ ਇੱਕ ਦਰਜ਼ਨ ਪਿੰਡਾਂ ਵਿੱਚ ਹੋਈਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਨੂੰ ਅਰਵਿੰਦ ਕੇਜਰੀਵਾਲ ਰਾਹੀਂ ਕਾਬੂ ਕਰਨਾ ਚਾਹੁੰਦਾ ਹੈ ਕਿਉਂਕਿ ਪੰਜਾਬ ਮੋਦੀ ਦੀਆਂ ਅੱਖਾਂ ਵਿੱਚ ਉਸ ਸਮੇਂ ਤੋਂ ਰੜਕ ਰਿਹਾ ਹੈ ਜਦੋਂ ਉਸਨੂੰ ਕਿਸਾਨਾਂ ਵੱਲੋਂ ਲਹੂ ਡੋਲਵੇਂ ਸੰਘਰਸ਼ ਕਾਰਨ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਮਜ਼ਬੂਰ ਹੋਣਾ ਪਿਆ ਸੀ।

ਸ੍ਰੀ ਬਾਜਵਾ ਨੇ ਪਿੰਡ ਨਠਵਾਲ, ਪੁਰੀਆਂ ਕਲਾਂ, ਤਲਵੰਡੀ ਬਖਤਾ, ਬੱਲ ਅਤੇ ਸਰੂਪਵਾਲੀ ਵਿਖੇ ਭਰਵੀਆਂ ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਨੂੰ ਇਹ ਭਲੀਭਾਂਤ ਅਹਿਸਾਸ ਹੈ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਵੀ ਵਰਗ ਵੱਲੋਂ ਹੁੰਗਾਰਾ ਨਹੀਂ ਮਿਲ ਰਿਹਾ, ਇਸ ਲਈ ਉਸਨੇ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਨੂੰ ਆਪਣੇ ਕੁਹਾੜੇ ਦਾ ਦਸਤਾ ਬਣਾਉਣ ਦੀ ਬੜੀ ਸ਼ਾਤਰ ਅਤੇ ਸੂਖਮ ਚਾਲ ਚੱਲੀ ਹੈ। ਹਲਕੇ ਦੇ ਲੋਕਾਂ ਨੂੰ ਪੰਜਾਬ ਲਈ ਘਾਤਕ ਸਾਬਤ ਹੋਣ ਵਾਲੀ ਇਸ ਚਾਲ ਪ੍ਰਤੀ ਸੁਚੇਤ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਹੁਣ ਕੇਜਰੀਵਾਲ ਨੂੰ ਅੱਗੇ ਲਗਾ ਕੇ ਪੰਜਾਬੀਆਂ ਤੋਂ ਆਪਣੀ ਹੋਈ ਹੇਠੀ ਦਾ ਬਦਲਾ ਲੈਣਾ ਚਾਹੁੰਦਾ ਹੈ। ਸ੍ਰੀ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪਾਈ ਗਈ ਵੋਟ ਨਰਿੰਦਰ ਮੋਦੀ ਦੇ ਹੀ ਹੱਥ ਮਜ਼ਬੂਤ ਕਰੇਗੀ ਅਤੇ ਜੇ ਉਸਦੀ ਇਹ ਚਾਲ ਸਫਲ ਹੋ ਗਈ ਤਾਂ ਸਭ ਤੋਂ ਪਹਿਲਾ ਡਾਕਾ ਪੰਜਾਬ ਦੇ ਦਰਿਆਈ ਪਾਣੀਆਂ ਉੱਤੇ ਪਵੇਗਾ।

ਕਾਂਗਰਸੀ ਆਗੂ ਨੇ ਹਲਕੇ ਦੇ ਲੋਕਾਂ ਨੂੰ ਅਕਾਲੀ ਰਾਜ ਸਮੇਂ ਹੋਈ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਦਸਮ ਪਾਤਸ਼ਾਹ ਦਾ ਸਵਾਂਗ ਰਚਣ ਵਾਲੇ ਡੇਰਾ ਸਰਸਾ ਦੇ ਮੁਖੀ ਰਾਮ ਰਹੀਮ ਨੂੰ ਅਕਾਲ ਤਖਤ ਸਾਹਿਬ ਤੋਂ ਮੁਆਫ਼ੀ ਦਿਵਾਉਣ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿੱਚ ਧਕੇਲਣ ਵਾਲੇ ਕਾਲੇ ਦੌਰ ਨੂੰ ਯਾਦ ਕਰਾਉਂਦਿਆਂ ਕਿਹਾ ਕਿ ਜੇ ਪੰਜਾਬ ਵਿੱਚ ਮੁੜ ਅਕਾਲੀ ਰਾਜ ਆਇਆ ਤਾਂ ਗ੍ਰਾਮਾਂ ਵਿੱਚ ਵਿਕਣ ਵਾਲਾ ਚਿੱਟਾ ਕਿਲੋਆਂ ਵਿੱਚ ਵਿਕਿਆ ਕਰੇਗਾ। ਉਨ੍ਹਾਂ ਕਿਹਾ ਕਿ ਬਾਦਲਾਂ ਦੀ ਨਿੱਜੀ ਜਾਇਦਾਦ ਬਣ ਚੁੱਕੇ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਪੰਜਾਬ ਅਤੇ ਸਿੱਖ ਪੰਥ ਦੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਰਹਿ ਗਿਆ ਸਗੋਂ ਇਸਦਾ ਰਾਜ ਸਤਾ ਪ੍ਰਾਪਤ ਕਰਨ ਦਾ ਇਕੋ ਇਕ ਮਕਸਦ ਪੰਜਾਬ ਦੀ ਲੁੱਟ ਕਰਨਾ ਹੈ।

ਸ੍ਰੀ ਬਾਜਵਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਮਿਲ ਰਹੇ ਜ਼ਬਰਦਸਤ ਹੁੰਗਾਰੇ ਨੂੰ ਵੇਖਦਿਆਂ ਉਹ ਪੂਰੇ ਭਰੋਸੇ ਨਾਲ ਇਹ ਕਹਿ ਸਕਦੇ ਹਨ ਕਿ ਉਹ ਤੀਸਰੀ ਵਾਰ ਬੜੀ ਸ਼ਾਨ ਨਾਲ ਜਿੱਤਣਗੇ। ਉਨ੍ਹਾਂ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਪਿੰਡ ਵਿੱਚ ਇੱਕ ਵੀ ਵੋਟ ਭੁਗਤਣ ਵੱਲੋਂ ਨਾ ਰਹਿ ਜਾਵੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments