spot_img
Homeਮਾਝਾਗੁਰਦਾਸਪੁਰਜ਼ਿਲੇ ’ਚ ਸੁਰੱਖਿਆ ਦੇ ਪੱਖ ਤੋਂ ਅਹਿਮ ਥਾਵਾਂ ’ਤੇ ਹੁਣ ਸੁਰੱਖਿਆ ਫੋਰਸਾਂ...

ਜ਼ਿਲੇ ’ਚ ਸੁਰੱਖਿਆ ਦੇ ਪੱਖ ਤੋਂ ਅਹਿਮ ਥਾਵਾਂ ’ਤੇ ਹੁਣ ਸੁਰੱਖਿਆ ਫੋਰਸਾਂ ਦੇ ਨਾਲ ਕੈਮਰੇ ਦੀ ਵੀ ਰਹੇਗੀ ਨਜ਼ਰ

ਕਾਦੀਆਂ, 23 ਜਨਵਰੀ (ਮੁਨੀਰਾ ਸਲਾਮ ਤਾਰੀ) – ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲਾ ਗੁਰਦਾਸਪੁਰ ਵਿੱਚ ਆਦਰਸ਼ ਚੋਣ ਜ਼ਾਬਤੇ ਨੂੰ ਇੰਨ-ਬਿੰਨ ਲਾਗੂ ਕੀਤਾ ਜਾ ਰਿਹਾ ਹੈ। ਜ਼ਿਲਾ ਚੋਣ ਅਧਿਕਾਰੀ ਜਨਾਬ ਮੁਹੰਮਦ ਇਸ਼ਫ਼ਾਕ ਦੀਆਂ ਹਦਾਇਤਾਂ ਤਹਿਤ ਵੱਖ-ਵੱਖ ਨਿਗਰਾਨ ਟੀਮਾਂ ਵੱਲੋਂ ਪੁਲਿਸ ਵਿਭਾਗ ਤੇ ਸੁਰੱਖਿਆ ਬਲਾਂ ਨਾਲ ਮਿਲ ਕੇ ਜ਼ਿਲੇ ਭਰ ਵਿੱਚ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ। ਜ਼ਿਲਾ ਗੁਰਦਾਸਪੁਰ ਵਿੱਚ ਸੁਰੱਖਿਆ ਦੇ ਪੱਖ ਤੋਂ ਅਹਿਮ ਸਥਾਨਾਂ ਉੱਪਰ ਵਿਸ਼ੇਸ਼ ਸੀਸੀਟੀਵੀ ਕੈਮਰੇ ਲਗਾ ਕੇ ਉਨਾਂ ਦਾ ਸੰਪਰਕ ਜ਼ਿਲਾ ਕੰਟਰੋਲ ਰੂਮ ਨਾਲ ਜੋੜਿਆ ਗਿਆ ਹੈ ਜਿਥੋਂ ਹਰ ਸਮੇਂ ਹਰ ਗਤੀਵਿਧੀ ਉੱਪਰ ਨਜ਼ਰ ਰੱਖੀ ਜਾ ਰਹੀ ਹੈ।

ਜ਼ਿਲਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਗੁਰਦਾਸਪੁਰ ਵਿੱਚ ਸੁਰੱਖਿਆ ਦੇ ਪੱਖ ਤੋਂ ਅਹਿਮ 17 ਥਾਵਾਂ ’ਤੇ ਇਹ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਉਨਾਂ ਦੱਸਿਆ ਕਿ ਇਨਾਂ 17 ਕੈਮਰਿਆਂ ਵਿਚੋਂ 10 ਕੈਮਰੇ ਐੱਸ.ਐੱਸ.ਪੀ. ਗੁਰਦਾਸਪੁਰ ਦੀ ਮੰਗ ’ਤੇ ਤਾਰਾਗੜ ਮੋੜ, ਮਰਾੜਾ, ਮਕੌੜਾ, ਬਰਿੱਜ ਬਾਹਮਣੀ, ਅੱਡਾ ਬਹਿਰਾਮਪੁਰ, ਹਾਈਡਲ ਬਰਿੱਜ ਗਾਹਲੜੀ, ਸ਼ਾਹਪੁਰ ਚੌਂਕ (ਦੋਰਾਂਗਲਾ), ਆਦੀਆ, ਅੱਡਾ ਦੋਸਤਪੁਰ, ਪੁੱਲ ਲੋਪਾ ਪਕੀਵਾਂ ਵਿਖੇ ਲਗਾਏ ਗਏ ਹਨ ਜਦਕਿ ਐੱਸ.ਐੱਸ.ਪੀ. ਬਟਾਲਾ ਦੀ ਮੰਗ ’ਤੇ 7 ਸੀਸੀਟੀਵੀ ਕੈਮਰੇ ਨਾਕਾ ਕਾਹਲਾਂਵਾਲੀ ਚੌਂਕ, ਨਾਕਾ ਟੀ-ਪੁਆਇੰਟ ਕੋਰੀਡੋਰ ਚੌਂਕ, ਨਾਕਾ ਅਗਵਾਨ, ਨਾਕਾ ਠੇਠਰਕੇ, ਨਾਕਾ ਧਰਮਕੋਟ ਪੱਤਣ, ਨਾਕਾ ਘੋਨੇਵਾਲ ਅਤੇ ਨਾਕਾ ਬੋਦੇ ਦੀ ਖੂਹੀ ਵਿਖੇ ਲਗਾਏ ਗਏ ਹਨ। ਉਨਾਂ ਦੱਸਿਆ ਕਿ ਇਨਾਂ ਸਾਰੇ ਸੀਸੀਟੀਵੀ ਕੈਮਰਿਆਂ ਨੂੰ ਬਿਜਲੀ ਅਤੇ ਇੰਟਰਨੈਟ ਕੁਨੈਕਸ਼ਨ ਨਾਲ ਜ਼ਿਲਾ ਕੰਟਰੋਲਰੂਮ ਨਾਲ ਜੋੜਿਆ ਗਿਆ ਹੈ। ਉਨਾਂ ਦੱਸਿਆ ਕਿ 17 ਸਾਈਟਾਂ ਵਿਚੋਂ ਤਿੰਨ ਸਾਈਟਾਂ ਨਾਕਾ ਧਰਮਕੋਟ ਪੱਤਣ, ਨਾਕਾ ਘੋਨੇਵਾਲ ਅਤੇ ਬਰਿੱਜ ਬਾਹਮਣੀ ਵਿਖੇ ਬਿਜਲੀ ਕੁਨੈਕਸ਼ਨ ਨਹੀਂ ਸੀ ਇਸ ਲਈ ਇਨਾਂ ਸੀਸੀਟੀਵੀ ਕੈਮਰਿਆਂ ਨੂੰ ਸੋਲਰ ਸਿਸਟਮ ਨਾਲ ਜੋੜ ਕੇ ਪਾਵਰ ਦਿੱਤੀ ਗਈ ਹੈ ਅਤੇ ਇਨਾਂ ਦਾ ਲਿੰਕ ਵੀ ਕੰਟਰੋਲਰੂਮ ਨਾਲ ਜੋੜਿਆ ਗਿਆ ਹੈ।

ਜ਼ਿਲਾ ਚੋਣ ਅਧਿਕਾਰੀ ਨੇ ਦੱਸਿਆ ਕਿ ਜ਼ਿਲਾ ਸਦਰ ਮੁਕਾਮ ਵਿਖੇ ਸਥਾਪਤ ਕੀਤੇ ਗਏ ਕੰਟਰੋਲ ਰੂਮ ਵਿੱਚ ਕਰਮਚਾਰੀਆਂ ਦੀਆਂ ਰਾਊਂਡ ਦੀ ਕਲਾਕ ਡਿਊਟੀਆਂ ਲਗਾਈਆਂ ਗਈਆਂ ਹਨ ਜੋ ਹਰ ਵੇਲੇ ਨਿਗਰਾਨੀ ਰੱਖ ਰਹੇ ਹਨ। ਇਸਤੋਂ ਇਲਾਵਾ ਜ਼ਿਲੇ ਭਰ ਵਿੱਚ ਵੱਖ-ਵੱਖ ਥਾਵਾਂ ਉੱਪਰ ਪੁਲਿਸ ਤੇ ਸੁਰੱਖਿਆ ਬਲਾਂ ਦੇ ਸਾਂਝੇ ਨਾਕੇ ਵੀ ਲਗਾਏ ਹੋਏ ਹਨ ਜੋ ਹਰ ਵਿਅਕਤੀ ’ਤ ਨਜ਼ਰ ਰੱਖ ਰਹੇ ਹਨ। ਉਨਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲੇ ਵਿੱਚ ਆਦਰਸ਼ ਚੋਣ ਜ਼ਾਬਤੇ ਨੂੰ ਇੰਨ-ਬਿੰਨ ਲਾਗੂ ਕੀਤਾ ਜਾ ਰਿਹਾ ਹੈ ਅਤੇ ਹਰ ਰਾਜਨੀਤਿਕ ਪਾਰਟੀ ਦੀਆਂ ਗਤੀਵਿਧੀਆਂ ਨੂੰ ਵੀ ਨੇੜੇ ਤੋਂ ਦੇਖਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਜ਼ਿਲੇ ਵਿੱਚ ਚੋਣਾਂ ਪੂਰੀ ਤਰਾਂ ਅਮਨ-ਪੂਰਵਕ, ਨਿਰਪੱਖ ਅਤੇ ਸ਼ਾਂਤਮਈ ਮਹੌਲ ਵਿੱਚ ਨੇਪਰੇ ਚਾੜੀਆਂ ਜਾਣਗੀਆਂ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments