spot_img
Homeਮਾਝਾਗੁਰਦਾਸਪੁਰਜੂਨ ਮਹੀਨੇ ਦੀ ਗਰਮੀ ਤੋਂ ਸ਼ਹਿਦ ਦੀਆਂ ਮੱਖੀਆਂ ਨੂੰ ਬਚਾਉਣ ਲਈ ਵਿਸ਼ੇਸ਼...

ਜੂਨ ਮਹੀਨੇ ਦੀ ਗਰਮੀ ਤੋਂ ਸ਼ਹਿਦ ਦੀਆਂ ਮੱਖੀਆਂ ਨੂੰ ਬਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ : ਤਿਲਕ ਰਾਜ ਮੁਨੀਮ

ਕਾਦੀਆਂ 9 ਜੂਨ (ਮੁਨੀਰਾ ਸਲਾਮ ਤਾਰੀ) :- ਜੂਨ ਦਾ ਮਹੀਨਾ ਬਹੁਤ ਗਰਮ ਮਹੀਨਾ ਹੁੰਦਾ ਹੈ ਅਤੇ ਇਸ ਮੌਸਮ ਵਿੱਚ ਸ਼ਹਿਦ ਦੀਆਂ ਮੱਖੀਆਂ ਨੂੰ ਗਰਮੀ ਤੋਂ ਬਚਾਉਣ ਲਈ ਇਨਾਂ ਦੇ ਕਟੁੰਬਾਂ ਨੂੰ ਸੰਘਣੀ ਛਾਂ ਹੇਠ ਰੱਖਣ ਦਾ ਵਿਸ਼ੇਸ਼ ਪ੍ਰਬੰਧ ਕਰਨਾ ਚਾਹੀਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਸਮਾਜ ਸੇਵਕ ਸ੍ਰੀ ਤਿਲਕ ਰਾਜ ਮੁਨੀਮ ਨੇ ਦੱਸਿਆ ਕਿ ਪਾਣੀ ਦੀ ਵਧੀ ਹੋਈ ਜ਼ਰੂਰਤ ਨੂੰ ਪੂਰਾ ਕਰਨ ਲਈ ਟਿਊਬਵੈੱਲ ਦੇ ਪਾਣੀ ਵਾਲੇ ਟੈਂਕ ਵਿਚ ਦਰਖ਼ਤਾਂ ਦੀਆਂ ਛੋਟੀਆਂ-ਛੋਟੀਆਂ ਟਹਿਣੀਆਂ ਜਾਂ ਫੱਟੀਆਂ ਦੇ ਟੁਕੜੇ ਸੁੱਟ ਦੇਣੇ ਚਾਹੀਦੇ ਹਨ, ਜਿਨਾਂ ਉੱਪਰ ਬੈਠ ਕੇ ਸ਼ਹਿਦ ਦੀਆਂ ਮੱਖੀਆਂ ਪਾਣੀ ਲੈ ਸਕਣ। ਉਨਾਂ ਕਿਹਾ ਕਿ ਪਾਣੀ ਦੀ ਜ਼ਰੂਰਤ ਕਟੁੰਬਾਂ ਹੇਠ ਰੱਖੇ ਸਟੈਂਡਾਂ ਦੇ ਪਾਵਿਆਂ ਹੇਠ ਪਾਣੀ ਦੇ ਠੂਹਲੇ ਰੱਖ ਕੇ ਵੀ ਪੂਰੀ ਕੀਤੀ ਜਾ ਸਕਦੀ ਹੈ, ਜਿਸ ਦਾ ਇੱਕ ਹੋਰ ਫ਼ਾਇਦਾ ਕਟੁੰਬਾਂ ਨੂੰ ਕੀੜੀਆਂ ਤੋਂ ਬਚਾਉਣਾ ਵੀ ਹੈ। ਕਟੁੰਬਾਂ ਨੂੰ ਹਵਾਦਾਰ ਬਨਾਉਣ ਲਈ ਬੌਟਮ ਬੋਰਡ ਤੇ ਬਰੂਡ ਚੈਂਬਰ ਦੇ ਵਿਚਕਾਰ ਅਤੇ ਬਰੂਡ ਚੈਂਬਰ ਤੇ ਸੁਪਰ ਚੈਂਬਰ ਵਿਚਕਾਰ ਪਤਲੇ-ਪਤਲੇ ਡੱਕੇ ਰੱਖ ਕੇ ਝੀਥ ਬਣਾਈ ਜਾ ਸਕਦੀ ਹੈ, ਜਿਸ ਵਿੱਚੋਂ ਹਵਾ ਤਾਂ ਨਿਕਲ ਸਕੇ ਪ੍ਰੰਤੂ ਸ਼ਹਿਦ ਮੱਖੀ ਨਾ ਲੰਘ ਸਕੇ।
ਤਿਲਕ ਰਾਜ ਮੁਨੀਮ ਨੇ ਅੱਗੇ ਦੱਸਿਆ ਕਿ ਬਰੂਡ ਚੈਂਬਰ ਨੂੰ ਬੌਟਮ ਬੋਰਡ ਤੋਂ ਥੋੜਾ ਹਿਲਾ ਕੇ ਅਤੇ ਇਸੇ ਤਰਾਂ ਸੁਪਰ ਚੈਂਬਰ ਨੂੰ ਬਰੂਡ ਚੈਂਬਰ ਤੋਂ ਥੋੜਾ ਹਿਲਾ ਕੇ ਕਟੁੰਬਾਂ ਨੂੰ ਹਵਾਦਾਰ ਬਣਾਉਣ ਲਈ ਬਰੀਕ ਮੱਖੀ-ਟਾਈਟ ਝੀਥ ਬਣਾਈ ਜਾ ਸਕਦੀ ਹੈ। ਇਸ ਮੌਸਮ ਦੌਰਾਨ ਫ਼ਸਲ ਦਾ ਪੱਕਿਆ ਹੋਇਆ ਸ਼ਹਿਦ ਕਟੁੰਬਾਂ ਦੇ ਬਰੂਡਰਹਿਤ ਛੱਤਿਆਂ ਵਿੱਚੋਂ, ਤਰਜ਼ੀਹ ਦੇ ਤੌਰ ਤੇ ਸੁਪਰ ਚੈਂਬਰ ਵਿੱਚੋਂ, ਕੱਢ ਲੈਣਾ ਚਾਹੀਦਾ ਹੈ। ਨੈਕਟਰ ਦੀ ਆਮਦ ਦੌਰਾਨ ਬਰੂਡ ਚੈਂਬਰ ਅਤੇ ਸੁਪਰ ਚੈਂਬਰ ਵਿਚਾਲੇ ਲੇਟਵੀਂ ਰਾਣੀ ਨਿਖੇੜੂ ਜਾਲੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਰੌਬਿੰਗ (ਮੱਖੀਆਂ ਦੁਆਰਾ ਖ਼ੁਰਾਕ ਦੀ ਲੁੱਟ) ਦੀ ਸਮੱਸਿਆ ਤੋਂ ਬਚਣ ਲਈ ਸ਼ਹਿਦ ਕੱਢਣ ਦੌਰਾਨ ਅਤੇ ਉਪਰੰਤ ਸਾਰੇ ਸਬੰਧਤ ਲੋੜੀਂਦੇ ਇਹਤਿਆਤ ਅਤੇ ਢੰਗ ਜ਼ਰੂਰ ਵਰਤਣੇ ਚਾਹੀਦੇ ਹਨ। ਉਨਾਂ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਉਪਰੋਕਤ ਸਾਵਧਾਨੀਆਂ ਵਰਤ ਕੇ ਅਸੀਂ ਸ਼ਹਿਦ ਦੀਆਂ ਮੱਖੀਆਂ ਨੂੰ ਅੱਤ ਦੀ ਗਰਮੀ ਤੋਂ ਬਚਾ ਸਕਦੇ ਹਾਂ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments