ਬਟਾਲਾ, 29 ਅਕਤੂਬਰ (ਮੁਨੀਰਾ ਸਲਾਮ ਤਾਰੀ) – ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਇਕ ਛੱਤ ਹੇਠ ਵੱਖ-ਵੱਖ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਬਟਾਲਾ ਦੇ ਸ਼ਿਵ ਬਟਾਲਵੀ ਆਡੀਟੋਰੀਅਮ ਵਿਖੇ ਲਗਾਇਆ ਗਿਆ ਦੋ ਰੋਜ਼ਾ ਵਿਸ਼ੇਸ਼ ਸੁਵਿਧਾ ਕੈਂਪ ਪੂਰੀ ਤਰਾਂ ਸਫਲ ਰਿਹਾ ਹੈ। ਇਸ ਸੁਵਿਧਾ ਕੈਂਪ ਵਿੱਚ ਤਹਿਸੀਲ ਬਟਾਲਾ ਦੇ ਵਸਨੀਕਾਂ ਨੇ ਪਹੁੰਚ ਕੇ ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਦਾ ਲਾਭ ਲਿਆ।
ਐੱਸ.ਡੀ.ਐੱਮ. ਬਟਾਲਾ ਸ੍ਰੀ ਰਾਮ ਸਿੰਘ ਨੇ ਦੱਸਿਆ ਇਸ ਸੁਵਿਧਾ ਕੈਂਪ ਵਿੱਚ ਯੋਗ ਲਾਭਪਾਤਰੀਆਂ ਨੂੰ ਪੰਜ ਮਰਲੇ ਪਲਾਟ, ਮਗਨਰੇਗਾ ਜਾਬ ਕਾਰਡ, ਬੁਢਾਪਾ, ਵਿਧਵਾ, ਆਸ਼ਰਿਤ ਤੇ ਅੰਗਹੀਣ ਪੈਨਸ਼ਨਾਂ, ਐਲ.ਪੀ.ਜੀ. ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ, ਬਿਜਲੀ ਬਿਲ ਬਕਾਇਆ ਮੁਆਫ਼ੀ, ਬਕਾਇਆ ਇੰਤਕਾਲ, ਆਸ਼ੀਰਵਾਦ ਸਕੀਮ, ਵਜ਼ੀਫੇ, ਸਕਾਲਰਸ਼ਿਪ ਸਕੀਮ, ਲੇਬਰ ਭਲਾਈ ਦੀਆਂ ਸਕੀਮਾਂ, ਵਾਟਰ ਸਪਲਾਈ ਤੇ ਸੀਵਰੇਜ਼ ਸਬੰਧੀ ਸਕੀਮਾਂ, ਸੇਵਾ ਕੇਂਦਰ ਆਦਿ ਨਾਲ ਸਬੰਧਤ ਸੇਵਾਵਾਂ ਤਹਿਤ ਲਾਭ ਮੁਹੱਈਆ ਕਰਵਾਇਆ ਗਿਆ ਹੈ। ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਸਟਾਲ ਲਗਾ ਕੇ ਬੇਰੁਜ਼ਗਾਰ ਨੌਜਵਾਨ ਦੇ ਨਾਮ ਰੋਜ਼ਗਾਰ ਪੋਰਟਲ ਉੱਪਰ ਦਰਜ ਕੀਤੇ ਗਏ ਤਾਂ ਜੋ ਉਨ੍ਹਾਂ ਨੂੰ ਯੋਗਤਾ ਅਨੁਸਾਰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਇਸ ਮੌਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਦੇ ਕੋਰੋਨ ਦੇ ਸੈਂਪਲ ਵੀ ਲਏ ਗਏ ਅਤੇ ਟੀਕਾਕਰਨ ਵੀ ਕੀਤਾ ਗਿਆ।
ਐਸ.ਡੀ.ਐਮ. ਬਟਾਲਾ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਯਤਲਸ਼ੀਲ ਹੈ। ਉਨ੍ਹਾਂ ਦੱਸਿਆ ਕਿ ਕੈਂਪ ਲਗਾਉਣ ਦਾ ਮੰਤਵ ਇਕੋ ਥਾਂ `ਤੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਮੁਹੱਈਆ ਕਰਵਾਉਣਾ ਸੀ ਤਾਂ ਜੋ ਲੋਕਾਂ ਨੂੰ ਖਜਲ-ਖੁਆਰੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨੇ ਇਸ ਕੈਂਪ ਦੀ ਸਫਲਤਾ ਲਈ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ।