spot_img
Homeਮਾਝਾਗੁਰਦਾਸਪੁਰ‘ਨੋਅ ਯੂਅਰ ਕੈਂਡੀਡੇਟ’ ਐਪ ਰਾਹੀਂ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜ ਦੀ ਜਾਣਕਾਰੀ ਹਾਸਲ...

‘ਨੋਅ ਯੂਅਰ ਕੈਂਡੀਡੇਟ’ ਐਪ ਰਾਹੀਂ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ : ਜ਼ਿਲ੍ਹਾ ਚੋਣ ਅਧਿਕਾਰੀ

ਬਟਾਲਾ, 31 ਜਨਵਰੀ (ਮੁਨੀਰਾ ਸਲਾਮ ਤਾਰੀ) – ਹੁਣ ਕੋਈ ਵੀ ਵੋਟਰ ਆਪਣੇ ਹਲਕੇ ਵਿੱਚ ਚੋਣਾਂ ’ਚ ਭਾਗ ਲੈ ਰਹੇ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜ ਬਾਰੇ ਬੜੀ ਅਸਾਨੀ ਨਾਲ ਜਾਣਕਾਰੀ ਹਾਸਲ ਕਰ ਸਕਦਾ ਹੈ। ਇਹ ਜਾਣਕਾਰੀ ਹਾਸਲ ਕਰਨ ਲਈ ਵੋਟਰ ਨੂੰ ਸਿਰਫ ਆਪਣੇ ਫੋਨ ’ਤੇ ਚੋਣ ਕਮਿਸ਼ਨ ਵੱਲੋਂ ਜਾਰੀ ‘ਨੋਅ ਯੂਅਰ ਕੈਂਡੀਡੇਟ’ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ ਅਤੇ ਉਸਤੋਂ ਬਾਅਦ ਉਹ ਕਿਸੇ ਵੀ ਉਮੀਦਵਾਰ ਦੇ ਪਿਛੋਕੜ ਬਾਰੇ ਜਾਣ ਸਕਦਾ ਹੈ।

ਇਸ ਐਪ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਧਿਕਾਰੀ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਵਿਚ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਆਪਣੀ ਨਾਮਜ਼ਦਗੀ ਦਾਖ਼ਲ ਕਰਨ ਸਮੇਂ ਆਪਣੇ ਅਪਰਾਧਿਕ ਪਿਛੋਕੜ (ਜੇ ਕੋਈ ਹੈ) ਬਾਰੇ ਨਾਮਜ਼ਦਗੀ ਪੱਤਰ ਵਿੱਚ ਦਰਜ ਕਰਨਾ ਲਾਜ਼ਮੀ ਹੈ। ਉਨਾਂ ਕਿਹਾ ਕਿ ਡਿਜੀਟਾਈਜੇਸ਼ਨ ਸਮੇਂ ਰਿਟਰਨਿੰਗ ਅਫ਼ਸਰ ਵੱਲੋਂ ਉਮੀਦਵਾਰ ਦੇ ਅਪਰਾਧਿਕ ਪਿਛੋਕੜ ਬਾਰੇ ਹਾਂ ਜਾਂ ਨਾਂਹ ਚੱੈਕ ਬੋਕਸ ’ਤੇ ਕਲਿੱਕ ਕਰਨਾ ਹੋਵੇਗਾ ਤੇ ਉਮੀਦਵਾਰ ਵੱਲੋਂ ਨਾਮਜ਼ਦਗੀ ਸਮੇਂ ਜਮਾਂ ਕਰਵਾਇਆ ਦਸਤਾਵੇਜ਼ ਸਕੈਨ ਕਰ ਕੇ ਅਪਲੋਡ ਕਰਨਾ ਹੋਵੇਗਾ। ਉਨਾਂ ਕਿਹਾ ਕਿ ਰਿਟਰਨਿੰਗ ਅਫ਼ਸਰ ਇਹ ਯਕੀਨੀ ਬਣਾਉਣਗੇ ਕਿ ਉਮੀਦਵਾਰ ਦੇ ਅਪਰਾਧਿਕ ਪਿਛੋਕੜ (ਜੇਕਰ ਕੋਈ ਹੈ) ਵਾਲਾ ਦਸਤਾਵੇਜ਼ ਦਰੁਸਤ ਹੈ ਤੇ ਕੋਈ ਵੀ ਨਾਗਰਿਕ ਇਸ ਨੂੰ ‘ਨੋਅ ਯੂਅਰ ਕੈਂਡੀਡੇਟ’ ਐਪ ਰਾਹੀਂ ਦੇਖ ਸਕਣਗੇ। ਉਨਾਂ ਕਿਹਾ ਕਿ ਇਸ ਐਪਲੀਕੇਸ਼ਨ ਜ਼ਰੀਏ ਵੋਟਰਾਂ ਨੂੰ ਆਪਣੇ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜ (ਜੇਕਰ ਕੋਈ ਹੈ) ਬਾਰੇ ਪਤਾ ਲੱਗ ਸਕੇਗਾ ਤੇ ਇਹ ਐਪ ਉਨਾਂ ਨੂੰ ਅਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਵਿਚ ਮਦਦਗਾਰ ਹੋਵੇਗੀ।

ਜ਼ਿਲੇ ਦੇ ਵੋਟਰਾਂ ਨੂੰ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ਦੀ ਅਪੀਲ ਕਰਦਿਆਂ ਜ਼ਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਇਹ ਐਪ ਚੋਣ ਲੜ ਰਹੇ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜਾਂ ਬਾਰੇ ਜਾਗਰੂਕਤਾ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ ਤਾਂ ਜੋ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਇਆ ਜਾ ਸਕੇ। ਉਨਾਂ ਕਿਹਾ ਕਿ ਇਸ ਐਪ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਇਸ ਦਾ ਲਿੰਕ ਕਮਿਸ਼ਨ ਦੀ ਵੈੱਬਸਾਈਟ ’ਤੇ ਵੀ ਉਪਲਬਧ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments