ਕਾਦੀਆਂ 21 ਅਗਸਤ (ਮੁਨੀਰਾ ਸਲਾਮ ਤਾਰੀ) :- ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਨੂੰ ਦੇਖਦਿਆਂ ਪੌਂਗ ਡੈਮ ਅਥਾਰਟੀ ਨੇ ਚੇਤਾਵਨੀ ਜਾਰੀ ਕਰਦੇ ਹੋਏ ਦੱਸਿਆ ਹੈ ਕਿ 422267 ਕਿਊਸਿਕ ਪਾਣੀ ਡੈਮ ਵਿੱਚ ਆ ਰਿਹਾ ਹੈ ਅਤੇ ਡੈਮ ਵਿੱਚ ਪਾਣੀ ਪੱਧਰ ਵੱਧ ਸਕਦਾ ਹੈ। ਪੌਂਗ ਡੈਮ ਅਥਾਰਟੀ ਦਾ ਪੱਧਰ 1372.33 ਫੁੱਟ ਤੱਕ ਪਹੁੰਚ ਗਿਆ ਹੈ। ਪੌਂਗ ਡੈਮ ਵਿੱਚ ਆ ਰਹੇ ਲਗਾਤਾਰ ਜਿਆਦਾ ਪਾਣੀ ਦੇ ਕਾਰਨ ਡੈਮ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੌਂਗ ਡੈਮ ਅਥਾਰਟੀ ਵੱਲੋਂ ਵਾਧੂ ਪਾਣੀ ਸ਼ਾਹ ਨਹਿਰ ਬੈਰਾਜ ਵਿੱਚ ਛੱਡਿਆ ਜਾਵੇਗਾ ਜਿਥੋਂ ਇਹ ਪਾਣੀ ਅੱਗੇ ਬਿਆਸ ਦਰਿਆ ਵਿੱਚ ਛੱਡਿਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਅਤੇ ਡੈਮ ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਚਿਤਾਵਨੀ ਜਾਰੀ ਕੀਤੀ ਹੈ ਕਿ ਬਿਆਸ ਦਰਿਆ ਵਿੱਚ ਪਾਣੀ ਦਾ ਲੈਵਲ ਵੱਧਣ ਕਾਰਨ ਬਿਆਸ ਦਰਿਆ ਦੇ ਨਜਦੀਕ ਰਹਿੰਦੇ ਲੋਕਾਂ ਨੂੰ ਅਗਾਹ ਕੀਤਾ ਹੈ ਕਿ ਉਹ ਪਾਣੀ ਦੀ ਮਾਰ ਵਿੱਚ ਆਉਂਦੇ ਨੀਵੇਂ ਇਲਾਕਿਆਂ ਵਿੱਚ ਨਾ ਜਾਣ ਅਤੇ ਜਿਹੜੀ ਵਸੋਂ ਬਿਆਸ ਦਰਿਆ ਦੇ ਨਜ਼ਦੀਕ ਹੈ ਉਹ ਚੌਕਸ ਰਹੇ ਅਤੇ ਪਾਣੀ ਦਾ ਪੱਧਰ ਵਧਣ ਤੋਂ ਪਹਿਲਾਂ ਹੀ ਸੁਰੱਖਿਅਤ ਥਾਵਾਂ ‘ਤੇ ਚਲੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਹਾਲਾਤ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਅਧਿਕਾਰੀਆਂ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪਾਣੀ ਦੀ ਆਮਦ ਵਧੀ ਹੈ। ਡੈਮ ’ਚ ਪਾਣੀ ਦਾ ਪੱਧਰ 1375 ਫੁੱਟ ਪਹੁੰਚ ਗਿਆ ਹੈ। ਅਜੇ ਭਾਰੀ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ ਅਤੇ ਪਾਣੀ ਦਾ ਪੱਧਰ 1375.13 ਫੁੱਟ ਪਹੁੰਚ ਗਿਆ ਹੈ। ਝੀਲ ’ਚ ਹਰ ਘੰਟੇ 412463 ਕਿਊਸਕ ਪਾਣੀ ਪਹੁੰਚ ਅਤੇ 17554 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਸੰਭਾਵੀ ਮੀਂਹ ਦੇ ਮੱਦੇਨਜ਼ਰ ਬੀਬੀਐਮਬੀ ਪ੍ਰਸ਼ਾਸਨ ਨੇ ਅਤਿਹਾਤ ਵਜੋਂ ਹੇਠਲੇ ਇਲਾਕਿਆਂ ਨੂੰ ਐਡਵਾਇਜ਼ਰੀ ਜ਼ਾਰੀ ਕਰਕੇ ਝੀਲ ਅਤੇ ਬਿਆਸ ਦਰਿਆ ਦੇ ਕੰਢਿਆਂ ’ਤੇ ਵਸੇ ਇਲਾਕਿਆਂ ’ਚ ਪ੍ਰਸ਼ਾਸਨ ਵੱਲੋਂ ਮੁਨਿਆਦੀ ਕਰਵਾਈ ਜਾ ਰਹੀ ਹੈ। ਬੀਬੀਐਮਬੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ ਅੱਜ ਦੇ ਦਿਨ ਪੌਂਗ ਡੈਮ ’ਚ ਪਾਣੀ ਦਾ ਪੱਧਰ 1334.86 ਫੁੱਟ ਸੀ। ਝੀਲ ’ਚ ਪਾਣੀ ਦੀ ਆਮਦ 9910 ਕਿਊਸਕ ਅਤੇ 12005 ਕਿਊਸਕ ਪਾਣੀ ਛੱਡਿਆ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਡੈਮ ਦੀ ਕੁੱਲ ਸਮਰਥਾ 1390 ਫੁੱਟ ਹੈ ਜਿਸ ਨੂੰ 1395 ਤੱਕ ਵਧਾਇਆ ਜਾ ਸਕਦਾ ਹੈ।