ਕਾਦੀਆਂ 23 ਅਗਸਤ (ਸਲਾਮ ਤਾਰੀ ) :- ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਲਾਲ ਮਾਂਡੀ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਐਸਐਮਓ ਡਾ ਮਨੋਹਰ ਲਾਲ ਦੀ ਯੋਗ ਅਗਵਾਈ ਹੇਠ ਕਾਦੀਆਂ ਦੇ ਵੱਖ ਵੱਖ ਝੁੱਗੀ ਝੌਂਪੜੀਆਂ ਚ ਰਹਿਣ ਵਾਲੇ ਅਤੇ ਆਪਣਾ ਰੈਣ ਬਸੇਰਾ ਇੱਕ ਜਗ੍ਹਾ ਤੋਂ ਦੂਸਰੀ ਸਥਾਨ ਲਿਜਾਣ ਵਾਲੇ ਲੱਲੀਆਂ ਦੇ ਪਰਿਵਾਰਾਂ ਨੂੰ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਸਬੰਧੀ ਜਾਗਰੂਕ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਕਾਦੀਆਂ ਦੇ ਇੰਸਪੈਕਟਰ ਸਰਦਾਰ ਕੁਲਬੀਰ ਸਿੰਘ ਨੇ ਦੱਸਿਆ ਕਿ ਸਮੂਹ ਲੋਕ ਆਪਣੇ ਪਰਿਵਾਰਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਸਾਫ਼ ਸੁਥਰਾ ਅਤੇ ਸਵੱਛ ਰੱਖਣ ਤਾਂ ਜੋ ਡੇਂਗੂ ਮਲੇਰੀਏ ਦਾ ਮੱਛਰ ਨਾ ਪੈਦਾ ਹੋ ਸਕੇ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਕਿਤੇ ਵੀ ਪਾਣੀ ਨਾ ਖੜ੍ਹਾ ਹੋਣ ਦੇਣ, ਮੱਛਰ ਮਾਰ ਦਵਾਈ ਦਾ ਲਗਾਤਾਰ ਇਸਤੇਮਾਲ ਕਰਨ, ਆਪਣੇ ਲਾਗੇ ਚਾਗੇ ਛੱਪੜਾਂ ਦੇ ਵਿੱਚ ਸਰਿਆ ਮੋਬਾਈਲ ਪਾ ਦੇਣ ਤਾਂ ਜੋ ਮੱਛਰਾਂ ਦੀ ਰੋਕ ਥਾਮ ਹੋ ਸਕੇ। ਇਸ ਸੰਬੰਧ ਵਿਚ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਕਾਦੀਆਂ ਦੇ ਵੱਖ ਵੱਖ ਸਥਾਨਾਂ ਤੇ ਜਿੱਥੇ ਬਰਸਾਤ ਦਾ ਪਾਣੀ ਖਲੋਤਾ ਸੀ ਉਥੇ ਕਾਲਾ ਤੇਲ ਵੀ ਪਾਇਆ ਗਿਆ ਤਾਂ ਜੋ ਡੇਂਗੂ ਮਲੇਰੀਆ ਕਿਸੇ ਵੀ ਸੂਰਤ ਵਿਚ ਪੈਦਾ ਨਾ ਹੋ ਸਕੇ। ਇਸ ਮੌਕੇ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਜੀ ਦੇ ਨਾਲ ਸਤਪਾਲ ਸਿੰਘ, ਬਲਵਿੰਦਰ ਸਿੰਘ, ਲਖਬੀਰ ਸਿੰਘ, ਅਮਰੀਕ ਸਿੰਘ, ਜੁਗਰਾਜ ਸਿੰਘ, ਨਰਿੰਦਰ ਸਿੰਘ ਆਦਿ ਹਾਜ਼ਰ ਸੀ।